ਸੱਤ ਸ਼੍ਰੀ ਆਕਾਲ ਜੀ,
ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ ' ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ '। ਮਨੁੱਖ ਦੀ ਜਿੰਦਗੀ ਚ ਉਸ ਦੀ ਮਾਤ ਭਾਸ਼ਾ ਦੀ ਕਿੰਨੀ ਅਹਿਮੀਅਤ ਹੁੰਦੀ ਹੈ ਇਸ ਗੱਲ ਦਾ ਗਿਆਤ ਕਰਵਾਉਣ ਲਈ ਉਪਰੋਕਤ ਸਤਰਾਂ ਹੀ ਕਾਫੀ ਹਨ। ਸੋ ਕਿਸੇ ਵੀ ਦੇਸ਼, ਪ੍ਰਾਂਤ ਜਾਂ ਖ਼ੇਤਰ ਦੇ ਲੋਕਾਂ ਦੇ ਜੀਵਨ ਚ ਉੱਥੋਂ ਦੀ ਆਮ ਬੋਲ ਚਾਲ ਵਾਲੀ ਭਾਸ਼ਾ ਭਾਵ ਉੱਥੋਂ ਦੀ ਮਾਂ ਬੋਲੀ ਦੀ ਬੜੀ ਅਹਿਮ ਮਹੱਤਤਾ ਹੁੰਦੀ ਹੈ।ਸਾਡੀ ਸਮਝ ਮੁਤਾਬਕ ਮਨੁੱਖ ਨੂੰ ਜਨਮ ਦੇਣ ਵਾਲੀ ਮਾਂ ਤੋ ਬਿਨਾਂ ਉਸ ਦੀਆ ਦੋ ਹੋਰ ਵੀ ਮਾਵਾਂ ਹੁੰਦੀਆ ਹਨ। ਓਹ ਹਨ ਮਾਂ ਧਰਤੀ ਅਤੇ ਮਾਂ ਬੋਲੀ, ਜਿਨ੍ਹਾਂ ਦਾ ਆਦਰ ਸਤਿਕਾਰ ਕਰਨਾ ਮਨੁੱਖ ਦਾ ਇਖਲਾਕੀ ਫਰਜ਼ ਹੀ ਨਹੀਂ, ਸਗੋ ਸਭ ਤੋ ਵੱਡਾ ਧਰਮ ਵੀ ਬਣਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਆਪਣੇ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਮਨ ਮੰਦਰ ਚੋ ਹੀ ਬੜੀ ਬੇਰਹਿਮੀ ਤੇ ਅਕ੍ਰਿਤਘਣਤਾਂ ਨਾਲ ਵਿਸਾਰਦਾ ਜਾ ਰਿਹਾ ਹੈ। ਇੱਥੇ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ ਚ ਖਾਸ ਕਰਕੇ ਇੱਥੇ ਪੜ੍ਹੇ ਲਿਖੇ ਲੋਕ ਪੰਜਾਬੀ ਭਾਸ਼ਾ ਨੂੰ ਅਨਪੜਾਂ, ਗਵਾਰਾਂ ਤੇ ਪੇਂਡੂਆ ਦੀ ਬੋਲੀ ਸਮਝਦਿਆ ਆਮ ਤੌਰ ਤੇ ਅੰਗਰੇਜੀ ਜਾਂ ਹਿੰਦੀ ਬੋਲਣ ਲਿਖਣ ਨੂੰ ਹੀ ਤਰਜੀਹ ਦਿੰਦੇ ਹਨ। ਪੰਜਾਬੀ ਬੋਲਣ ਲਿਖਣ ਤੋ ਆਪਣੀ ਹਤਕ ਸਮਝਦਿਆ ਅਕਸਰ ਗੁਰੇਜ ਕਰਦੇ ਹਨ। ਅਸੀਂ ਹਿੰਦੀ, ਅੰਗਰੇਜੀ ਜਾਂ ਹੋਰ ਭਾਸ਼ਾਵਾਂ ਦੇ ਖ਼ਿਲਾਫ਼ ਨਹੀਂ ਹਾਂ। ਦੁਨੀਆ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ ਹੈ ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਸਿਰ ਦਾ ਅਸਲੀ ਤਾਜ ਸਾਡੀ ਮਾਂ ਬੋਲੀ ਪੰਜਾਬੀ ਹੈ। ਕਿਉਂਕਿ ਹਰ ਮਨੁੱਖ ਜਨਮ ਤੋ ਬਾਅਦ ਪਹਿਲਾ ਸਬਦ ਆਪਣੀ ਮਾਂ ਬੋਲੀ ਚ ਹੀ ਬੋਲਣਾ ਸਿੱਖਦਾ ਹੈ। ਜਿਸ ਬੋਲੀ ਤੋ ਦੁਨੀਆ ਚ ਵਿਚਰਨ ਦੀ ਸ਼ੁਰੂਆਤ ਹੋਈ ਹੋਵੇ, ਜਿਸ ਬੋਲੀ ਚ ਬੋਲਣ, ਹਸਣ, ਖੇਡਣ, ਰੋਣ, ਗਾਉਣ ਦਾ ਮੁੱਢ ਬੱਝਿਆ ਹੋਵੇ, ਜਿਸ ਬੋਲੀ ਨਾਲ ਸਾਡੇ ਬਚਪਨ ਦੀਆ ਯਾਦਾ ਜੁੜੀਆ ਹੋਣ, ਵੱਡਿਆ ਹੋ ਕੇ, ਜਿਆਦਾ ਪੜ ਲਿਖ ਜਾਣ ਤੇ ਜੇਕਰ ਉਸ ਬੋਲੀ ਨੂੰ ਸਮਜਣੋ ਹੀ ਮੁਨਕਰ ਹੋ ਜਾਈਏ ਤਾਂ ਸਾਡੇ ਤੋਂ ਵੱਡਾ ਕੋਈ ਅਹਿਸਾਨ ਫਰਾਮੋਸ਼ ਕੋਈ ਨਹੀਂ ਹੋਵੇਗਾ। ਬਾਕੀ ਪੰਜਾਬੀ ਬੋਲੀ ਦੀ ਨਿਘਰਤਾ ਲਈ ਵੱਡੀ ਤਰਾਸਦੀ ਦੀ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਮਨਸ਼ਾ ਨਾਲ ਸਮੇਂ ਸਮੇਂ ਤੇ ਦਫ਼ਤਰਾਂ ਨੂੰ ਆਦੇਸ਼ ਤਾਂ ਜਾਰੀ ਕਰਦਿਆਂ ਰਹਿੰਦੀਆ ਹਨ ਪਰ ਇਹਨਾ ਹੁਕਮਾਂ ਦਾ ਬਹੁਤੇ ਸਰਕਾਰੀ ਬਾਬੂਆਂ ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ। ਇੱਥੇ ਤਾਂ ਆਲਮ ਇਹ ਹੈ ਕਿ ਸੂਬੇ ਦੇ ਕਈ ਨਿੱਜੀ ਵਿੱਦਿਅਕ ਅਦਾਰਿਆਂ ਚ ਵਿਦਿਆਰਥੀਆ ਤੇ ਪੰਜਾਬੀ ਬੋਲਣ ਤੇ ਹੀ ਪਾਬੰਦੀ ਲਗਾਈ ਜਾਂਦੀ ਹੈ। ਹੋਰ ਤਾਂ ਹੋਰ, ਜਨਤਕ ਥਾਵਾਂ ਤੇ ਜਾਂ ਸੜਕ ਉਤੇ ਸਫ਼ਰ ਕਰਨ ਦੌਰਾਨ ਪੰਜਾਬੀ ਭਾਸ਼ਾ ਚ ਲਿਖੇ' ਦਿਸ਼ਾ ਸੂਚਕ' ਚ ਅਨੇਕਾਂ ਗਲਤੀਆਂ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹਨਾਂ ਤੇ ਪਿੰਡਾ/ ਸ਼ਹਿਰਾਂ ਦੇ ਨਾਅ ਗਲਤ ਲਿਖੇ ਹੋਏ ਹੁੰਦੇ ਹਨ। ਇਹ ' ਰਾਹ ਦਸੇਰਾ ' ਜਿੱਥੇ ਪੰਜਾਬੀ ਬੋਲੀ ਦੀ ਸ਼ਰੇਆਮ ਖਿੱਲੀ ਉਡਾਉਂਦੇ ਹਨ। ਉੱਥੇ ਰਾਹਗੀਰਾਂ ਲਈ ਮੁਸੀਬਤਾਂ ਦਾ ਸਬੱਬ ਵੀ ਬਣਦੇ ਹਨ। ਸੋ, ਜਿੱਥੇ ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਪਰੋਕਤ ਤੋ ਬਿਨਾਂ ਹੋਰ ਵੀ ਜਿੱਥੇ ਜਿੱਥੇ ਖਾਮੀਆ ਹਨ, ਸਖਤੀ ਨਾਲ ਦੂਰ ਕਰਵਾ ਕੇ ਸਾਡੀ ਮਿੱਠੀ ਬੋਲੀ ਦਾ ਆਦਰ ਸਤਿਕਾਰ ਬਹਾਲ ਕਰਵਾਇਆ ਜਾਵੇ, ਉੱਥੇ ਸਾਡਾ ਖੁਦ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲਮਿਲ ਕੇ ਆਪਣੀ ਮਾਂ ਬੋਲੀ ਦਾ ਦੁਨੀਆ ਦੇ ਨਕਸ਼ੇ ਤੇ ਕੱਦ ਉੱਚਾ ਕਰਨ ਲਈ ਜੰਗੀ ਪੱਧਰ ਤੇ ਹੰਬਲੇ ਮਾਰੀਏ। ਇਸੇ ਵਿਚ ਹੀ ਸਾਡੀ ਸੱਭ ਦੀ ਭਲਾਈ ਅਤੇ ਵਡੱਪਣ ਹੈ।
ਧੰਨਵਾਦ ਸਹਿਤ।
No comments:
Post a Comment